ਹਰੀ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰੀ ਸਿੰਘ. ਇੱਕ ਪਹਾੜੀ ਰਾਜਪੂਤ ਯੋਧਾ, ਜਿਸ ਦਾ ਹੁਸੈਨੀ ਨਾਲ ਜੰਗ ਹੋਇਆ. ਦੇਖੋ, ਵਿਚਿਤ੍ਰ ਨਾਟਕ ਅ: ੧੧।

ਸਰਦਾਰ ਹਰੀ ਸਿੰਘ ਨਲਵਾ. ਜਿਲਾ ਗੁੱਜਰਾਂਵਾਲਾ ਦਾ ਵਸਨੀਕ ਸਰਦਾਰ ਗੁਰੁਦਯਾਲ ਸਿੰਘ (ਉੱਪਲ ਖਤ੍ਰੀ) ਸ਼ੁਕ੍ਰਚੱਕੀਆ ਮਿਸਲ ਦੇ ਕੁਮੇਦਾਨ (Commandant) ਦਾ ਸੁਪੁਤ੍ਰ, ਜੋ ਮਾਈ ਧਰਮ ਕੌਰ ਦੇ ਉਦਰ ਤੋਂ ਸੰਮਤ ੧੮੪੮ ਵਿੱਚ ਜਨਮਿਆ. ਇਹ ਸਿੱਖਵੀਰ ਪੰਜਾਬੀ , ਫ਼ਾਰਸੀ, ਪਸ਼੍ਤੋ ਦਾ ਪੂਰਾ ਵਿਦ੍ਵਾਨ. ਯੁੱਧ ਵਿਦ੍ਯਾ ਵਿੱਚ ਕਮਾਲ ਰੱਖਣ ਵਾਲਾ ਅਤੇ ਰਾਜ ਪ੍ਰਬੰਧ ਵਿੱਚ ਨਿਪੁਣ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਮੀ ਜਰਨੈਲ (General) ਹੋਇਆ ਹੈ. ਕੁਸੂਰ, ਅਟਕ , ਮੁਲਤਾਨ , ਕਸ਼ਮੀਰ , ਪੇਸ਼ਾਵਰ ਨੂੰ ਖ਼ਾਲਸਾ ਰਾਜ ਨਾਲ ਮਿਲਾਣ ਵਿੱਚ ਸਰਦਾਰ ਹਰੀ ਸਿੰਘ ਦੀ ਸ਼ੂਰਵੀਰਤਾ ਅਤੇ ਦਾਨਾਈ ਸਿੰਘ ਸਾਹਿਬ ਦੇ ਮਨ ਵਿੱਚ ਵਸ ਗਈ ਸੀ. ਇਸ ਨੇ ਪੇਸ਼ਾਵਰ ਦਾ ਗਵਰਨਰ ਰਹਿ ਕੇ ਸਰਹੱਦ ਤੇ ਕਈ ਕਿਲੇ ਬਣਵਾਏ ਅਤੇ ਉਨ੍ਹਾਂ ਵਿੱਚ ਫ਼ੌਜ ਰੱਖੀ, ਖ਼ਾਸ ਕਰਕੇ ਜਮਰੋਦ ਦੇ ਮਕਾਮ “ਫ਼ਤੇਗੜ੍ਹ” ਨਾਮ ਦਾ ਮਜ਼ਬੂਤ ਕਿਲਾ ਬਣਾ ਕੇ ਖ਼ਾਲਸਾ ਰਾਜ ਦਾ ਨਿਸ਼ਾਨ ਝੁਲਾਇਆ. ਅਫ਼ਗਾਨਿਸਤਾਨ ਅਤੇ ਸਰਹੱਦੀ ਪਠਾਣਾਂ ਨੇ ਜਹਾਦ ਖੜਾ ਕਰਕੇ ਸੰਮਤ ੧੮੯੪ ਵਿੱਚ ਇਸ ਮਹਾਨ ਯੋਧੇ ਨਾਲ ਭਾਰੀ ਟਾਕਰਾ ਕੀਤਾ. ਇਸ ਘੋਰ ਜੰਗ ਨੂੰ ਫਤੇ ਕਰਦੇ ਹੋਏ ਸਰਦਾਰ ਹਰੀ ਸਿੰਘ ਨੇ ਜਮਰੋਦ ਦੇ ਪਾਸ ਵਡੀ ਵੀਰਤਾ ਨਾਲ ੧੯ ਵੈਸਾਖ ਸੰਮਤ ੧੮੯੪ (ਅਪ੍ਰੈਲ ਸਨ ੧੮੩੭) ਨੂੰ ਸ਼ਹੀਦੀ ਪਾਈ. ਸਰਹੱਦੀ ਪਠਾਣਾਂ ਵਿੱਚ ਇਸ ਦੇ ਨਾਉਂ ਦਾ ਭੈ ਅੱਜ ਤੀਕ ਬਣਿਆ ਹੋਇਆ ਹੈ. ਪੰਥਰਤਨ ਸਰਦਾਰ ਹਰੀ ਸਿੰਘ ਦੀ ਸਮਾਧ ਜਮਰੋਦ ਦੇ ਕਿਲੇ ਵਿੱਚ ਵਿਦ੍ਯਮਾਨ ਹੈ।1

ਰਾਜਾ ਗਜਪਤਿ ਸਿੰਘ ਜੀਂਦ ਵਾਲੇ ਦਾ ਪੋਤਾ ਅਤੇ ਮੇਹਰ ਸਿੰਘ ਦਾ ਪੁਤ੍ਰ. ਇਹ ਸ਼ਰਾਬ ਦੇ ਨਸ਼ੇ ਨਾਲ ਮਸਤ ਹੋਇਆ ਅਠਾਰਾਂ ਵਰ੍ਹੇ ਦੀ ਉਮਰ ਵਿੱਚ ਛੱਤ ਤੋਂ ਡਿਗਕੇ ਸਨ ੧੭੯੧ ਵਿੱਚ ਮਰ ਗਿਆ। ੪ ਦੇਖੋ, ਸਿਆਲਬਾ। ੫ ਦੇਖੋ, ਭੰਗੀ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1974, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਰੀ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰੀ ਸਿੰਘ: ਪੰਡੋਰੀ ਨਾਂ ਦੇ ਕਈ ਪਿੰਡਾਂ ਵਿਚੋਂ ਇਕ ਦਾ ਰਹਿਣ ਵਾਲਾ ਸੀ ਜੋ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿਚ ਤਰਨ ਤਾਰਨ ਤੋਂ 8 ਕਿਲੋਮੀਟਰ ਉੱਤਰ-ਪੱਛਮ ਵਿਚ ਹੈ। ਇਹ ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਜੰਗ ਪਿੱਛੋਂ ਭਾਈ ਮਹਾਰਾਜ ਸਿੰਘ ਨਾਲ ਮਿਲ ਗਿਆ ਅਤੇ ਇਸ ਨੇ ਮਾਝਾ ਖੇਤਰ ਵਿਚ ਉਸਦੀ ਅੰਗਰੇਜ਼ਾਂ ਦੇ ਖ਼ਿਲਾਫ਼ ਮਦਦ ਕੀਤੀ। ਇਹ ਦੂਸਰੀ ਸਿੱਖ ਜੰਗ ਸਮੇਂ ਸਾਰਾ ਸਮਾਂ ਮਹਾਰਾਜ ਸਿੰਘ ਨਾਲ ਰਿਹਾ। ਸੂਜੋਵਾਲ ਤੋਂ ਇਸ ਨੂੰ 1849 ਦੇ ਦੂਸਰੇ ਅੱਧ ਵਿਚ ਅੰਬਾਲਾ ਵਿਖੇ ਉਸ ਇਲਾਕੇ ਦੇ ਲੋਕਾਂ ਨੂੰ ਮੁੜ ਬਗ਼ਾਵਤ ਲਈ ਤਿਆਰ ਕਰਨ ਹਿਤ ਭੇਜਿਆ ਗਿਆ ਸੀ।


ਲੇਖਕ : ਮ.ਲ.ਅ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਹਰੀ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਰੀ ਸਿੰਘ ––––– ਇਹ ਨਨਕਾਣਾ ਸਾਹਿਬ ਵਿਖੇ ਹੋਏ ਸ਼ਹੀਦਾਂ ਵਿਚੋਂ ਹੈ। ਹਰੀ ਸਿੰਘ ਦਾ ਜਨਮ ਸੰਨ 1897 ਨੂੰ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਝੋਥੀਆ ਖੁਰਦ ਜਿਹੜਾ (ਅੱਜ ਕਲ੍ਹ ਪੱਛਮੀ ਪਾਕਿਸਤਾਨ ਵਿਚ ਹੈ ) ਵਿਚ ਸ੍ਰ. ਕਨ੍ਹਈਆ ਸਿੰਘ ਦੇ ਘਰ ਹੋਇਆ । ਹਰੀ ਸਿੰਘ ਨੇ ਨਨਕਾਣਾ ਸਾਹਿਬ ਮੋਰਚੇ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਸੰਨ 1920 ਵਿਚ ਪੁਲਸ ਦੀ ਗੋਲੀ ਲੱਗਣ ਕਾਰਨ ਇਸ ਨੇ ਪ੍ਰਾਣ ਤਿਆਗ ਦਿੱਤੇ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1455, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਹਰੀ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਰੀ ਸਿੰਘ :  ਬੱਬਰ ਅਕਾਲੀ ਲਹਿਰ ਦਾ ਸਿਰੜੀ ਪਰਵਾਨਾ ਹਰੀ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜੱਸੋਵਾਲ ਵਿਖੇ ਸ੍ਰ. ਸੁਰਜਨ ਸਿੰਘ ਦੇ ਘਰ ਜੰਮਿਆ। ਸੰਨ 1922 ਵਿਚ ਬੱਬਰ ਅਕਾਲੀ ਲਹਿਰ ਵਿਚ ਜਾ ਸ਼ਾਮਲ ਹੋਇਆ। ਪੁਲਸ ਨੇ ਇਸ ਨੂੰ ਗ੍ਰਿਫ਼ਤਾਰ ਕਰਕੇ ਸੱਤ ਸਾਲ ਦੀ ਕਰੜੀ ਸਜ਼ਾ ਦਿੱਤੀ। ਅੰਤ ਨੂੰ ਲਾਹੌਰ ਜੇਲ੍ਹ ਅੰਦਰ ਹੀ ਇਸ ਨੇ ਸ਼ਹੀਦੀ ਪ੍ਰਾਪਤ ਕੀਤੀ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1455, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਹਰੀ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਰੀ ਸਿੰਘ –– ਭਾਈ ਫੇਰੂ ਦੇ ਮੋਰਚੇ ਦਾ ਸ਼ਹੀਦ ਸ੍ਰ. ਹਰੀ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸਾਹੋਕੇ ਦਾ ਜੰਮ–ਪਲ ਅਤੇ ਸ. ਮਹਾਂ ਸਿੰਘ ਦਾ ਪੁੱਤਰ ਸੀ। ਇਹ 1923-42 ਵਿਚ ਸਿੰਘਾ ਵੱਲੋਂ ਲਾਏ ਜੈਤੋਂ ਦੇ ਮੋਰਚੇ ਵਿਚ ਅਤੇ ਫਿਰ ਭਾਈ ਫੇਰੂ ਦੇ ਮੋਰਚੇ ਵਿਚ ਤਨ–ਮਨ ਨਾਲ ਸ਼ਾਮਲ ਹੋਇਆ। ਮਾਰਚ, 1925 ਨੂੰ ਮੋਰਚੇ ਦੌਰਾਨ ਪੁਲਸ ਵੱਲੋਂ ਚਲਾਈ ਗੋਲੀ ਲੱਗਣ ਕਾਰਨ ਇਸ ਦਾ ਦੇਹਾਂਤ ਹੋ ਗਿਆ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1455, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਹਰੀ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹਰੀ ਸਿੰਘ (ਮ.ਵੀ.ਚ.)  :    ਇਸ ਦਾ ਜਨਮ 26 ਸਤੰਬਰ, 1921 ਨੂ ਜੀਂਦ ਨੇੜੇ ਇਕ ਪਿੰਡ ਬਦਨਪੁਰ ਦੇ ਨਿਵਾਸੀ ਕੂੜਾ ਸਿੰਘ ਦੇ ਘਰ ਹੋਇਆ। 19 ਸਾਲ ਦੀ ਉਮਰ ਵਿਚ ਇਹ 26 ਸਤੰਬਰ, 1940 ਨੂੰ ਭਾਰਤੀ ਸੈਨਾ ਵਿਚ ਸਿਪਾਹੀ ਭਰਤੀ ਹੋ ਗਿਆ। ਆਜ਼ਾਦੀ ਤੋਂ ਬਾਅਦ ਜੰਮੂ ਕਸ਼ਮੀਰ ਵਿਚ ਸੁਰੱਖਿਆ ਵੱਜੋਂ ਤਾਇਨਾਤ ਹੋਈ ਸੈਨਾ ਵਿਚ ਇਹ ਵੀ ਸ਼ਾਮਲ ਸੀ।

          ਸਿਪਾਹੀ ਹਰੀ ਸਿੰਘ 17 ਮਾਰਚ, 1947 ਨੂੰ  (ਕਬਾਇਲੀਆਂ ਦੇ ਹਮਲੇ ਸਮੇਂ) ਝੰਗੜ ਦੇ ਇਲਾਕੇ ਪੀਰ ਥਿਲ ਨਾਕਾ ਉੱਪਰ ਕੀਤੇ ਗਏ ਹਮਲੇ ਸਮੇਂ ਰਾਈਫ਼ਲਮੈਨ ਦੇ ਦੌਰ ਤੇ ਅੱਗੇ ਵਾਲੀ ਕੰਪਨੀ ਵਿਚ ਸ਼ਾਮਲ ਹੋਇਆ। ਉਸ ਵੇਲੇ ਦੁਸ਼ਮਣ ਵੱਲੋਂ ਭਾਰੀ ਗੋਲਾਬਾਰੀ ਹੋਣ ਕਾਰਨ ਇਹ ਕੰਪਨੀ ਅੱਗੇ ਵਧਣ ਵਿਚ ਅਸਮਰੱਥ ਸੀ। ਸਿਪਾਹੀ ਹਰੀ ਸਿੰਘ ਨੇ ਦੁਸ਼ਮਣ ਦੀਆਂ ਫ਼ੌਜਾਂ ਦੇ ਬੰਕਰਾਂ ਉਤੇ ਅੱਗੇ ਵੱਧ ਕੇ ਗਰਨੇਡਾਂ ਅਤੇ ਸਟੇਨਗਨ ਦੇ ਤਿਖੇ ਹਮਲੇ ਨਾਲ ਦੁਸ਼ਮਣ ਦਾ ਜਾਨੀ ਅਤੇ ਫ਼ੌਜੀ ਮਹੱਤਵ ਪੱਖੋਂ ਅਸਰਦਾਇਕ ਨੁਕਸਾਨ ਕੀਤਾ। ਇਸ ਦੇ ਇਸ ਬਹਾਦਰੀ ਭਰੇ ਕਾਰਨਾਮੇ ਨਾਲ ਇਸ ਦੀ ਕੰਪਨੀ ਇਸ ਇਲਾਕੇ ਵਿਚ ਪੂਰੀ ਤਰ੍ਹਾਂ ਸਫ਼ਲ ਹੋਈ। ਦੁਸ਼ਮਣਾਂ ਦਾ ਸਫਾਇਆ ਕਰਨ ਸਮੇਂ ਦਿਖਾਈ ਗਈ ਸੂਰਬੀਰਤਾ ਬਦਲੇ ਇਸ ਨੂੰ ਮਹਾਂਵੀਰ ਚੱਕਰ ਨਾਲ ਸਨਮਾਨਿਆ ਗਿਆ।


ਲੇਖਕ : –ਡਾ. ਕੇ. ਐਸ. ਸਿੱਧੂ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1228, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-26-04-40-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.